ਦਿਨ-ਦਿਹਾੜੇ ਹੋਈ ਵੱਡੀ ਵਾਰਦਾਤ, ਪੰਜਾਬ ਦੇ ਬੈਂਕ ਵਿੱਚ ਪਿਸਤੌਲ ਦੀ ਨੋਕ ਤੇ 20 ਲੱਖ ਰੁਪਏ ਦੀ ਲੁੱਟ

ਵੰਦੇ ਭਾਰਤ(ਕਾਜਲ) ਆਈ.ਸੀ.ਆਈ.ਸੀ.ਆਈ.ਬੈਂਕ ਦੀ ਸ਼ਾਖ਼ਾ ਵਿੱਚ ਸ਼ਨੀਵਾਰ ਨੂੰ ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ ’ਤੇ 20 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਜਾਣ ਦੀ ਖ਼ਬਰ ਹੈ। ਦੁਪਹਿਰ ਲਗਪਗ 2 ਵਜੇ ਤਰਨ ਤਾਰਨ ਸੜਕ ’ਤੇ ਸਥਿਤ ਬੈਂਕ ਦੀ ਸ਼ਾਖ਼ਾ ਵਿੱਚ ਵਾਪਰੀ ਇਸ ਘਟਨਾ ਬਾਰੇ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਤਿੰਨ ਹਥਿਆਰਬੰਦ ਲੁਟੇਰੇ ਬੈਂਕ ਦੇ ਅੰਦਰ ਪੁੱਜੇ ਅਤੇ ਬੈਂਕ ਦੇ ਕੈਸ਼ ਕਾਊਂਟਰ ਦੇ ਅੰਦਰ ਦਾਖ਼ਲ ਹੋ ਗਏ। ਉਨ੍ਹਾਂ ਨੇ ਪਿਸਤੌਲਾਂ ਦੀ ਨੋਕ ’ਤੇ ਬੈਂਕ ਵਿੱਚ ਪਏ 20 ਲੱਖ ਰੁਪਏ ਸਾਂਭੇ ਅਤੇ ਬੈਂਕ ਦੇ ਬਾਹਰ ਖੜ੍ਹੀ ਕੀਤੀ ਐਕਟਿਵਾ ’ਤੇ ਸੁਆਰ ਹੋ ਕੇ ਫ਼ਰਾਰ ਹੋ ਗਏ।
ਇਕ ਬੈਂਕ ਕਰਮੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 1.55 ਵਜੇ ਤਿੰਨ ਵਿਅਕਤੀ ਅੰਦਰ ਆਏ ਅਤੇ ਪਿਸਤੌਲ ਵਿਖ਼ਾ ਕੇ ਬੈਂਕ ਵਿੱਚ ਪਏ 15 ਤੋਂ 20 ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ। ਉਸਨੇ ਦੱਸਿਆ ਕਿ ਇਸ ਮੌਕੇ ਬੈਂਕ ਦੇ ਅੰਦਰ ਕੋਈ ਗਾਹਕ ਨਹੀਂ ਸੀ ਅਤੇ ਨਾ ਹੀ ਕੋਈ ਸਕਿਉਰਿਟੀ ਗਾਰਡ ਮੌਜੂਦ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਸ:ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਸੀਨੀਅਰ ਅਧਿਕਾਰੀ ਬੈਂਕ ਵਿੱਚ ਪੁੱਜੇ ਅਤੇ ਘਟਨਾ ਬਾਰੇ ਪੁੱਛ ਪੜਤਾਲ ਕਰਕੇ ਇਸ ਮਾਮਲੇ ਵਿੱਚ ਕਾਰਵਾਈ ਦੇ ਆਦੇਸ਼ ਦਿੱਤੇ ਹਨ।

