Crime

24 ਸਾਲਾਂ ਤੋਂ ਭਗੌੜਾ ਯੂਪੀ ਤੋਂ ਗਿਰਫ਼ਤਾਰ, ਨਬਾਲਿਗਾ ਨਾਲ ਜਬਰ ਜ਼ਿਨਾਹ ਦਾ ਸੀ ਮਾਮਲਾ

ਵੰਦੇ ਭਾਰਤ- ਨਾਬਾਲਿਗਾ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ ‘ਚ 24 ਸਾਲਾਂ ਤੋਂ ਭਗੌੜੇ ਵਿਅਕਤੀ ਨੂੰ ਪੀ. ਓ. ਅਤੇ ਸੰਮਨ ਸੈੱਲ ਨੇ ਉੱਤਰ ਪ੍ਰਦੇਸ਼ ਦੇ ਬਦਾਯੂੰ ਤੋਂ ਗ੍ਰਿਫਤਾਰ ਕੀਤਾ ਹੈ, ਜਿਸਦੀ ਪਛਾਣ ਹਰੀਚੰਦ ਵਜੋਂ ਹੋਈ ਹੈ। ਪੁਲਸ ਤੋਂ ਬਚਣ ਲਈ ਮੁਲਜ਼ਮ ਹਿੰਦੂ ਤੋਂ ਸਿੱਖ ਬਣ ਕੇ ਯੂ. ਪੀ. ਦੇ ਬਦਾਯੂੰ ਦੇ ਗੁਰਦੁਆਰਾ ਸਾਹਿਬ ਵਿਚ ਪਾਠੀ ਬਣਿਆ ਹੋਇਆ ਸੀ। ਪੀ. ਓ. ਸੈੱਲ ਨੇ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਡੀ. ਐੱਸ. ਪੀ. ਵਿਕਾਸ ਸ਼ਿਓਕੰਦ ਨੇ ਦੱਸਿਆ ਕਿ 6 ਦਸੰਬਰ 1999 ਨੂੰ ਹਰੀਚੰਦ ਨੂੰ ਅਦਾਲਤ ਨੇ ਨਾਬਾਲਿਗ ਲੜਕੀ ਨੂੰ ਅਗਵਾ ਕਰ ਕੇ ਜਬਰ-ਜ਼ਿਨਾਹ ਕਰਨ ਦੇ ਮਾਮਲੇ ਵਿਚ ਭਗੌੜਾ ਕਰਾਰ ਦਿੱਤਾ ਸੀ।

ਉਸ ਨੂੰ ਫੜਨ ਲਈ ਇੰਸਪੈਕਟਰ ਹਰੀਓਮ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਬਣਾਈ ਗਈ ਅਤੇ ਪੁਲਸ ਟੀਮ ਨੂੰ ਪਤਾ ਲੱਗਾ ਕਿ ਮੁਲਜ਼ਮ ਹਰੀਚੰਦ ਹਿੰਦੂ ਤੋਂ ਸਿੱਖ ਬਣ ਗਿਆ ਹੈ ਅਤੇ ਬਦਾਯੂੰ ਦੇ ਇਕ ਗੁਰਦੁਆਰਾ ਸਾਹਿਬ ਵਿਚ ਪਾਠੀ ਦਾ ਕੰਮ ਕਰਦਾ ਹੈ। ਪੀ. ਓ. ਸੈੱਲ ਦੀ ਟੀਮ ਨੇ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਸੇਵਾਦਾਰਾਂ ਵਜੋਂ ਸੇਵਾ ਨਿਭਾਈ। ਹਰੀਚੰਦ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਸ ਟੀਮ ਨੇ 17 ਜੁਲਾਈ ਨੂੰ ਉਸ ਨੂੰ ਗੁਰਦੁਆਰੇ ਤੋਂ ਕਾਬੂ ਕਰ ਲਿਆ।

ਡੀ.ਐੱਸ.ਪੀ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀੜਾਤਾ ਦੇ ਪਿਤਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਇਕ ਭੱਠੇ ‘ਤੇ ਕੰਮ ਕਰਦਾ ਹੈ ਅਤੇ ਉਸ ਦੀ ਸਾਢੇ 15 ਸਾਲਾ ਬੇਟੀ ਨੂੰ ਭੱਠੇ ‘ਤੇ ਕੰਮ ਕਰਨ ਵਾਲੇ ਕੁਝ ਵਿਅਕਤੀਆਂ ਨੇ ਅਗਵਾ ਕਰ ਲਿਆ। ਮਨੀਮਾਜਰਾ ਥਾਣੇ ਦੀ ਪੁਲਸ ਨੇ 6 ਦਸੰਬਰ 1999 ਨੂੰ ਕੇਸ ਦਰਜ ਕਰਕੇ ਪ੍ਰੇਮਪਾਲ, ਮਹਿੰਦਰ ਸਿੰਘ, ਹਰੀਚੰਦ, ਸ਼ੀਸ਼ਪਾਲ ਤੇ ਪ੍ਰੀਤਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜ਼ਮਾਨਤ ਮਿਲਣ ਤੋਂ ਬਾਅਦ ਮੁਲਜ਼ਮ ਹਰੀਚੰਦ ਅਦਾਲਤ ਵਿਚ ਪੇਸ਼ ਨਹੀਂ ਹੋਇਆ। 20 ਫਰਵਰੀ 2004 ਨੂੰ ਜ਼ਿਲ੍ਹਾ ਅਦਾਲਤ ਨੇ ਮੁਲਜ਼ਮ ਹਰੀਚੰਦ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ।