news

ਸਰਕਾਰ ਦੀ ਚਿਤਾਵਨੀ ਦੇ ਬਾਵਜੂਦ ਹੜਤਾਲ ‘ਤੇ ਗਏ ਪਟਵਾਰੀ

वंदे भारत-ਪੰਜਾਬ ਸਰਕਾਰ ਨੇ ‘ਐਸਮਾ’ ਭਾਵ ਜ਼ਰੂਰੀ ਸੇਵਾਵਾਂ ਬਹਾਲ ਰੱਖਣ ਬਾਰੇ ਕਾਨੂੰਨ ਲਾਗੂ ਕਰ ਕੇ ਮੁਲਾਜ਼ਮਾਂ ਨੂੰ ਵੱਡੀ ਚੇਤਾਵਨੀ ਦੇ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਆਖ ਦਿੱਤਾ ਹੈ ਕਿ ‘ਕਲਮ ਛੱਡੋ’ ਹੜਤਾਲ ’ਤੇ ਜਾਣ ਵਾਲੇ ਮੁਲਾਜ਼ਮਾਂ ਨੂੰ ਦੋਬਾਰਾ ਕਲਮ ਫੜਾਉਣੀ ਹੈ ਕਿ ਨਹੀਂ, ਇਹ ਵੀ ਸਰਕਾਰ ਦੀ ਮਰਜ਼ੀ ’ਤੇ ਨਿਰਭਰ ਹੋਵੇਗਾ। ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵੀ ‘ਐਸਮਾ’ ਦੀ ਹਮਾਇਤ ਕੀਤੀ ਹੈ  ਦਰਅਸਲ, ਜ਼ਿਲ੍ਹਾ ਦਫ਼ਤਰਾਂ ਦੇ ਅਧਿਕਾਰੀਆਂ, ਖ਼ਾਸ ਤੌਰ ’ਤੇ ਮਾਲ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਕੀਤੀ ਜਾਣ ਵਾਲੀ ਹੜਤਾਲ ਕਾਰਨ ਆਮ ਜਨਤਾ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਚੁਣੇ ਹੋਏ ਨੁਮਾਇੰਦੇ ਹੋਣ ਜਾਂ ਮੁਲਾਜ਼ਮ ਇਹ ਤਾਂ ਲੋਕ-ਸੇਵਕ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਹਮੇਸ਼ਾ ਲੋਕ ਹਿੱਤਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਂਜ ਵੀ ਪੰਜਾਬ ’ਚ ਦੇਖਾ-ਦੇਖੀ ਧਰਨੇ ਲਾ ਕੇ ਬੈਠਣ ਦਾ ਰੁਝਾਨ ਕੁਝ ਵਧਦਾ ਹੀ ਜਾ ਰਿਹਾ ਹੈ ਜੋ ਸੂਬੇ ਦੇ ਵਿਕਾਸ ਲਈ ਬੇਹੱਦ ਖ਼ਤਰਨਾਕ ਹੈ। ਜੇ ਰਾਜ ਦੀਆਂ ਸੜਕਾਂ ’ਤੇ ਇੰਜ ਹੜਤਾਲਾਂ ਤੇ ਧਰਨੇ ਜਾਰੀ ਰਹਿਣਗੇ ਤਾਂ ਆਵਾਜਾਈ ਦਾ ਚੱਕਾ ਵੀ ਜਾਮ ਹੋ ਕੇ ਰਹਿ ਜਾਵੇਗਾ।  ਅਜਿਹੇ ਹਾਲਾਤ ’ਚ ਬਾਹਰਲੇ ਸਨਅਤਕਾਰ ਤੇ ਐੱਨਆਰਆਈ ਪੰਜਾਬ ’ਚ ਆ ਕੇ ਨਿਵੇਸ਼ ਕਰਨ ਬਾਰੇ ਕਿਉਂ ਅਤੇ ਕਿਵੇਂ ਸੋਚਣਗੇ? ਓਧਰ ਪੰਜਾਬ ਸਰਕਾਰ ਨੂੰ ਵੀ ਮੁਲਾਜ਼ਮਾਂ ਦੀਆਂ ਵਾਜਿਬ ਮੰਗਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਜੇ ਰਾਜ ਦੇ ਮੁਲਾਜ਼ਮ ਨਾਰਾਜ਼ ਹੋਣਗੇ, ਤਾਂ ਉਹ ਵਧੀਆ ਕੰਮ ਕਿਵੇਂ ਕਰਨਗੇ!

ਪ੍ਰਤਾਪ ਸਿੰਘ ਕੈਰੋਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸਨ, ਉਨ੍ਹਾਂ ਨੇ ਹੜਤਾਲ ’ਤੇ ਗਏ ਪਟਵਾਰੀਆਂ ਤੇ ਕਾਨੂੰਗੋਆਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਸੀ। ਉਨ੍ਹਾਂ ਤੋਂ ਬਾਅਦ ਹੁਣ ਭਗਵੰਤ ਮਾਨ ਨੇ ਉਹੋ ਜਿਹੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਰਾਜ ’ਚ ਬਹੁਤ ਸਾਰੇ ਪੜ੍ਹੇ-ਲਿਖੇ ਬੇਰੁਜ਼ਗਾਰ ਮੌਜੂਦ ਹਨ ਜੋ ਤੁਹਾਡੀਆਂ ਕਲਮਾਂ ਫੜਨ ਲਈ ਤਿਆਰ ਬੈਠੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਕਿਸੇ ਵੀ ਹਾਲਤ ’ਚ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕਰੇਗੀ    ਓਧਰ ਸ਼੍ਰੋਮਣੀ ਅਕਾਲੀ ਦਲ ਨੇ ਅਜਿਹੇ ਹਾਲਾਤ ’ਚ ਮੁਲਾਜ਼ਮਾਂ ਦੇ ਹੱਕ ’ਚ ਅਤੇ ਸੂਬਾ ਸਰਕਾਰ ਵਿਰੋਧੀ ਸਟੈਂਡ ਲਿਆ ਹੈ। ਮੁਲਾਜ਼ਮਾਂ ਨੂੰ ਵੀ ਰੋਸ ਹੈ ਕਿ ਸਰਕਾਰ ਉਨ੍ਹਾਂ ਨੂੰ ਡਰਾ ਤੇ ਧਮਕਾ ਰਹੀ ਹੈ ਪਰ ਸਰਕਾਰ ਦੀ ਦਲੀਲ ਹੈ ਕਿ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਮੁਲਾਜ਼ਮਾਂ ਦਾ ਹੜਤਾਲ ’ਤੇ ਜਾਣਾ ਕਿਸੇ ਵੀ ਤਰ੍ਹਾਂ ਤਰਕਸੰਗਤ ਨਹੀਂ ਹੈ ਅਤੇ ਮਾਲ ਅਧਿਕਾਰੀਆਂ ਦੀ ਮਨਮਰਜ਼ੀ ਕਰਕੇ ਲੋਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਕਿਸੇ ਕੀਮਤ ’ਤੇ ਸਹਿਣ ਨਹੀਂ ਕੀਤੀ ਜਾਵੇਗੀ।

ਇਸ ਵਿਚ ਵੀ ਕੋਈ ਦੋ ਰਾਇ ਨਹੀਂ ਕਿ ਇਹ ਮਾਲ ਅਧਿਕਾਰੀ ਤੇ ਡੀਸੀ ਦਫ਼ਤਰਾਂ ਦੇ ਮੁਲਾਜ਼ਮ ਹੀ ਹੁੰਦੇ ਹਨ ਜੋ 24 ਘੰਟੇ ਹਰੇਕ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਨਾਲ ਡਟਦੇ ਹਨ। ਭਾਵੇਂ ਹੜ੍ਹ ਆਉਣ ਤੇ ਚਾਹੇ ਹੋਰ ਕੋਈ ਕੁਦਰਤੀ ਕਰੋਪੀ ਹੋਵੇ- ਮਾਲ ਮਹਿਕਮੇ ਦੇ ਮੁਲਾਜ਼ਮ ਸਦਾ ਨਾਲ ਖੜ੍ਹਦੇ ਹਨ ਤੇ ਹਰ ਤਰ੍ਹਾਂ ਦੀਆਂ ਡਿਊਟੀਆਂ ਦੇਣ ਲਈ ਤਿਆਰ ਰਹਿੰਦੇ ਹਨ। ਉਨ੍ਹਾਂ ਦੀਆਂ ਅਜਿਹੀਆਂ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।